Encouraging Youngsters

An exceptionally young talented Gurleen Kaur Pannu renders Gurbani Shabads in her soulful voice


An Appeal

An Appeal for Donation of 1%


Recent Events


Matrimonial Services

May kindly avail benefit of our newly-introduced Free-of-cost Feature by posting details about your wards for finding a suitable match


Quick Navigation


New Additions


Live Kirtan and Mukhwak


Welcome To Amrit Kirtan Website


‘SHIROMANI RAGI’ AWARD BY SGPC TO Dr. GURNAM SINGH


‘SHIROMANI RAGI’ AWARD BY SGPC TO Dr. GURNAM SINGH

8TH GURMAT SANGEET UTSAV BEING HELD FROM 12-15 OCTOBER BY PUNJABI, UNIVERSITY, PATIALA


ਗੁਰਮਤਿ ਸੰਗੀਤ ਪਰੰਪਰਾ-43 ਪੰਜਾਬੀ ਯੂਨੀਵਰਸਿਟੀ ਦਾ ਗੁਰਮਤਿ ਸੰਗੀਤ ਪ੍ਰਤੀ ਯੋਗਦਾਨ

ਵਿਸ਼ਵ ਵਿਚ ਪਹਿਲੀ ਵਾਰ ਸੰਗੀਤ ਦੀ ਸਿੱਖ ਪ੍ਰੰਪਰਾ ਗੁਰਮਤਿ ਸੰਗੀਤ ਨੂੰ ਅਕਾਦਮਿਕ ਤੌਰ 'ਤੇ ਸਥਾਪਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਨੇ ਸਰਬਪੱਖੀ ਯਤਨ ਕੀਤੇ ਹਨ। ਭਾਸ਼ਾ ਦੇ ਨਾਂਅ 'ਤੇ ਬਣੀ ਦੂਸਰੀ ਯੂਨੀਵਰਸਿਟੀ ਦੀ ਇਹ ਪ੍ਰਾਪਤੀ ਕੁਲ ਸਾਰੀ ਦੁਨੀਆ ਵਿਚ ਵਿਸ਼ੇਸ਼ ਪ੍ਰਸੰਸਾ ਦੀ ਪਾਤਰ ਬਣੀ ਹੈ। 1997 ਵਿਚ ਇਕ ਕੋਰਸ ਤੋਂ ਵਿਸਥਾਰ ਗ੍ਰਹਿਣ ਕਰਦਿਆਂ 2003 ਵਿਚ ਗੁਰਮਤਿ ਸੰਗੀਤ ਦੀ ਖੋਜ, ਪ੍ਰਚਾਰ, ਪ੍ਰਸਾਰ ਤੇ ਪੁਨਰ-ਸੁਰਜੀਤੀ ਹਿਤ ਗੁਰਮਤਿ ਸੰਗੀਤ ਪ੍ਰੋਜੈਕਟ ਵਜੋਂ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ, ਨਵੀਂ ਦਿੱਲੀ ਦੇ ਵਿੱਤੀ ਸਹਿਯੋਗ ਨਾਲ ਕੀਤੀ ਗਈ, ਜਿਸ ਵਿਚ ਉਸ ਸਮੇਂ ਦੇ ਉਪ-ਕੁਲਪਤੀ ਸ: ਸਵਰਨ ਸਿੰਘ ਬੋਪਾਰਾਏ, ਬੀਬੀ ਜਸਬੀਰ ਕੌਰ ਖਾਲਸਾ ਅਤੇ ਡਾ: ਗੁਰਨਾਮ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ। 2005 ਵਿਚ ਗੁਰਮਤਿ ਸੰਗੀਤ ਵਿਸ਼ੇ ਦੀ ਉਚੇਰੀ ਖੋਜ ਤੇ ਅਧਿਆਪਨ ਲਈ ਗੁਰਮਤਿ ਸੰਗੀਤ ਵਿਭਾਗ ਦੀ ਸਥਾਪਨਾ ਕੀਤੀ ਗਈ, ਜਿਸ ਦੇ ਪਹਿਲੇ ਬਾਨੀ ਪ੍ਰੋਫੈਸਰ ਤੇ ਮੁਖੀ ਹੋਣ ਦਾ ਮਾਣ ਲੇਖਕ ਡਾ: ਗੁਰਨਾਮ ਸਿੰਘ ਨੂੰ ਹੈ।

ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ ਦੀਆਂ ਅਕਾਦਮਿਕ ਸਰਗਰਮੀਆਂ ਨੂੰ ਸੰਚਾਰਤ ਕਰਨ ਹਿਤ ਦੇਸ਼-ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਗੁਰਮਤਿ ਸੰਗੀਤ ਭਵਨ ਦਾ ਪਹਿਲਾ ਫੇਜ਼ ਉਸਾਰਿਆ ਜਾ ਚੁੱਕਾ ਹੈ, ਜੋ ਵੱਖ-ਵੱਖ ਸੰਗੀਤਕਾਰਾਂ, ਕੀਰਤਨਕਾਰਾਂ ਅਤੇ ਪ੍ਰਚਾਰਕਾਂ ਨੂੰ ਸਮਰਪਿਤ ਹੈ।

ਸਾਲ 2010-11 ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਮਹੱਤਵਪੂਰਨ ਪ੍ਰਾਪਤੀਆਂ ਦਾ ਵਰ੍ਹਾ ਰਿਹਾ ਹੈ। ਅਖੰਡ ਕੀਰਤਨੀ ਜਥਾ, ਸਰੀ (ਕੈਨੇਡਾ) ਦੇ ਸਹਿਯੋਗ ਨਾਲ ਸਥਾਪਤ ਕੀਤੀ ਗਈ ਆਨਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ ਸਿੱਖ ਸਕਾਲਰ ਭਾਈ ਰਣਧੀਰ ਸਿੰਘ ਨੂੰ ਸਮਰਪਿਤ ਹੈ। ਡਾ: ਗੁਰਨਾਮ ਸਿੰਘ, ਬਾਨੀ ਪ੍ਰੋਫੈਸਰ ਤੇ ਮੁਖੀ ਅਤੇ ਡਾ: ਅੰਮ੍ਰਿਤਪਾਲ ਕੌਰ, ਡਾਇਰੈਕਟਰ ਦੀ ਅਗਵਾਈ ਵਿਚ ਭਾਈ ਰਣਧੀਰ ਸਿੰਘ ਆਨਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ ਦੀ ਵੈੱਬਸਾਈਟ 3 ਦਸੰਬਰ, 2010 ਨੂੰ ਲਾਂਚ ਕੀਤੀ ਗਈ, ਜਿਸ ਦਾ ਉਦਘਾਟਨ ਡਾ: ਜਸਪਾਲ ਸਿੰਘ, ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤਾ ਗਿਆ। ਇਸ ਵੈੱਬਸਾਈਟ 'ਤੇ ਡਿਜ਼ਿਟਾਈਜ਼ਡ ਪੁਸਤਕਾਂ, ਖੋਜ-ਪੱਤਰ, ਪ੍ਰੱਤਿਕਾਵਾਂ, ਸਿਮ੍ਰਤੀ ਗ੍ਰੰਥ ਆਦਿ ਨੂੰ ਆਨਲਾਈਨ ਕੀਤਾ ਗਿਆ ਹੈ।

ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ ਮਿਊਜ਼ਿਕ ਵਿਚ ਗੁਰਮਤਿ ਸੰਗੀਤ ਦੀ ਸੁਰੱਖਿਆ ਸੰਭਾਲ ਅਤੇ ਪੁਨਰ-ਸੁਰਜੀਤੀ ਦੇ ਨਾਲ-ਨਾਲ ਸੂਫ਼ੀ ਸੰਗੀਤ, ਲੋਕ ਸੰਗੀਤ, ਸ਼ਾਸਤਰੀ ਸੰਗੀਤ ਪ੍ਰੰਪਰਾ ਨੂੰ ਸਮਰਪਿਤ ਵਿਸ਼ੇਸ਼ ਰਿਕਾਰਡਿੰਗਜ਼ ਕੀਤੀਆਂ ਜਾ ਰਹੀਆਂ ਹਨ। ਗੁਰਮਤਿ ਸੰਗੀਤ ਪ੍ਰੋਜੈਕਟ ਦੀ ਵੈੱਬਸਾਈਟ ਮਿਤੀ 21 ਜਨਵਰੀ, 2011 ਨੂੰ ਲਾਂਚ ਕੀਤੀ ਗਈ, ਜਿਸ ਵਿਚ ਗੁਰਮਤਿ ਸੰਗੀਤ, ਸ਼ਾਸਤਰੀ ਸੰਗੀਤ, ਲੋਕ ਸੰਗੀਤ ਅਤੇ ਸੂਫ਼ੀ ਸੰਗੀਤ ਦੀ 1800 ਤੋਂ ਵੱਧ ਘੰਟਿਆਂ ਦੀ ਰਿਕਾਰਡਿੰਗ ਅਪਲੋਡ ਕੀਤੀ ਗਈ ਹੈ।

ਗੁਰਮਤਿ ਸੰਗੀਤ ਚੇਅਰ ਵੱਲੋਂ ਉਪ-ਕੁਲਪਤੀ ਡਾ: ਜਸਪਾਲ ਸਿੰਘ ਦੀ ਪ੍ਰੇਰਨਾ ਸਦਕਾ ਸਾਲ 2008 ਤੋਂ ਤਿੰਨ-ਰੋਜ਼ਾ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਕਰਵਾਇਆ ਜਾਂਦਾ ਹੈ, ਜਿਸ ਵਿਚ ਵਿਸ਼ਵ ਪ੍ਰਸਿੱਧ ਸ਼ਾਸਤਰੀ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਦਿੰਦੇ ਹਨ। ਇਸੇ ਲੜੀ ਵਿਚ 3-5 ਮਾਰਚ, 2011 ਵਿਚ ਤੀਜਾ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸੰਗੀਤਕਾਰਾਂ ਨੇ ਭਾਗ ਲਿਆ। ਸੰਮੇਲਨ ਵਿਚ ਪ੍ਰੋ: ਕਰਤਾਰ ਸਿੰਘ ਨੂੰ ਸਾਲ 2011-12 ਲਈ ਸੀਨੀਅਰ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਇਸ ਤੋਂ ਪਹਿਲਾਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਵਿਸ਼ੇਸ਼ ਕਾਰਜ ਹਿਤ ਇਹ ਫੈਲੋਸ਼ਿਪ ਭਾਈ ਅਵਤਾਰ ਸਿੰਘ, ਭਾਈ ਗੁਰਚਰਨ ਸਿੰਘ, ਸਿੰਘ ਬੰਧੂ ਸ: ਸੁਰਿੰਦਰ ਸਿੰਘ ਨੂੰ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਵਿਚ 2011 ਵਿਚ ਸਿੰਘ ਬੰਧੂ ਸ: ਤੇਜਪਾਲ ਸਿੰਘ ਨੂੰ ਪੰਜਾਬ ਸੰਗੀਤ ਰਤਨ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਇਹ ਐਵਾਰਡ ਸਿੰਘ ਬੰਧੂ ਸ: ਸੁਰਿੰਦਰ ਸਿੰਘ, ਪ੍ਰੋ: ਯਸ਼ਪਾਲ (ਚੰਡੀਗੜ੍ਹ) ਨੂੰ ਵੀ ਪ੍ਰਦਾਨ ਕੀਤਾ ਜਾ ਚੁੱਕਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਪੂਰਨ ਗੁਰਬਾਣੀ ਸੰਥਿਆ ਸਮਾਗਮ ਵਰਕਸ਼ਾਪ ਮਿਤੀ 15 ਜੁਲਾਈ ਤੋਂ 26 ਅਗਸਤ, 2011 ਤੱਕ ਲਗਾਈ ਗਈ, ਜਿਸ ਵਿਚ 352 ਸਿਖਿਆਰਥੀਆਂ ਨੇ ਭਾਗ ਲਿਆ। ਮਿਤੀ 20 ਸਤੰਬਰ, 2011 ਨੂੰ ਪ੍ਰੋ: ਤਾਰਾ ਸਿੰਘ ਸਿਮ੍ਰਤੀ ਸਮਾਰੋਹ ਦੌਰਾਨ ਪੁਸਤਕ ਪੜਤਾਲ ਗਾਇਕੀ ਜਾਰੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਉਪ-ਕੁਲਪਤੀ ਡਾ: ਜਸਪਾਲ ਸਿੰਘ ਦੀ ਸਰਪ੍ਰਸਤੀ ਅਤੇ ਡਾ: ਗੁਰਨਾਮ ਸਿੰਘ, ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ ਦੀ ਅਗਵਾਈ ਵਿਚ ਮਿਤੀ 26 ਸਤੰਬਰ, 2011 ਨੂੰ ਸੰਤ ਅਤਰ ਸਿੰਘ ਦੁਆਰਾ ਸਥਾਪਤ ਗੁਰਮਤਿ ਸੰਗੀਤ ਦੀ ਮਸਤੂਆਣਾ ਟਕਸਾਲ ਦੀ ਪੁਨਰ-ਸੁਰਜੀਤੀ ਲਈ ਇਕ ਵਿਸ਼ਾਲ ਸਮਾਗਮ ਮਸਤੂਆਣਾ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿਚ ਪੁਸਤਕ ਮਸਤੂਆਣਾ ਟਕਸਾਲ ਸ਼ਬਦ ਕੀਰਤਨ ਰਚਨਾਵਲੀ ਜਾਰੀ ਕੀਤੀ ਗਈ। ਇਸ ਤੋਂ ਪਹਿਲਾਂ ਥੋੜ੍ਹੇ ਜਿਹੇ ਸਮੇਂ ਵਿਚ ਹੀ ਵਿਭਾਗ ਵੱਲੋਂ 03 ਪੁਸਤਕਾਂ, 11 ਵੀ. ਸੀ. ਡੀਜ਼ ਅਤੇ 02 ਡਾਕੂਮੈਂਟਰੀ ਫਿਲਮਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

ਇਨ੍ਹਾਂ ਸਮਾਗਮਾਂ ਤੋਂ ਇਲਾਵਾ ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ ਵੱਲੋਂ ਹਰ ਵਰ੍ਹੇ ਇਕ ਵਿਸ਼ਾਲ ਗੁਰਮਤਿ ਸੰਗੀਤ ਉਤਸਵ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿਚ ਇਸ ਵਿਸ਼ੇ ਨਾਲ ਸੰਬੰਧਿਤ ਪੇਸ਼ਕਾਰੀਆਂ, ਸੈਮੀਨਾਰ ਹੁੰਦੇ ਹਨ ਅਤੇ ਨਾਲ ਹੀ ਨਵੀਂ ਪੀੜ੍ਹੀ ਨੂੰ ਗੁਰਮਤਿ ਸੰਗੀਤ ਨਾਲ ਜੋੜਨ ਲਈ ਪ੍ਰਤੀਯੋਗਤਾ ਵੀ ਕਰਵਾਈ ਜਾਂਦੀ ਹੈ।

ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਵਿਸਥਾਰ ਦਿੰਦਿਆਂ ਮਿਤੀ 12-15 ਅਕਤੂਬਰ, 2011 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅੱਠਵਾਂ ਗੁਰਮਤਿ ਸੰਗੀਤ ਉਤਸਵ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਗੁਰਮਤਿ ਸੰਗੀਤ ਸਮਾਗਮ, ਗੁਰਮਤਿ ਸੰਗੀਤ ਪ੍ਰਤੀਯੋਗਤਾ ਅਤੇ ਗੁਰਮਤਿ ਸੰਗੀਤ ਸੈਮੀਨਾਰ ਕਰਵਾਏ ਜਾਣਗੇ।

ਇਸ ਉਤਸਵ ਦੇ ਡਾਇਰੈਕਟਰ ਡਾ: ਗੁਰਨਾਮ ਸਿੰਘ, ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਨੁਸਾਰ ਗੁਰਮਤਿ ਸੰਗੀਤ ਉਤਸਵ ਦਾ ਉਦਘਾਟਨ 12 ਅਕਤੂਬਰ, 2011 ਨੂੰ ਕਲਾ ਭਵਨ, ਪੰਜਾਬੀ ਯੂਨੀਵਰਸਿਟੀ ਵਿਖੇ 10.30 ਵਜੇ ਸਵੇਰੇ ਜਥੇਦਾਰ ਅਵਤਾਰ ਸਿੰਘ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਕੀਤਾ ਜਾਣਾ ਹੈ। ਇਸ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਉਪ-ਕੁਲਪਤੀ ਡਾ: ਜਸਪਾਲ ਸਿੰਘ ਕਰਨਗੇ ਅਤੇ ਪਦਮਸ਼੍ਰੀ ਐਵਾਰਡੀ ਸਿੰਘ ਬੰਧੂ ਸ: ਸੁਰਿੰਦਰ ਸਿੰਘ ਗੁਰਮਤਿ ਸੰਗੀਤ ਸਬੰਧੀ ਵਿਸ਼ੇਸ਼ ਵਿਖਿਆਨ ਪ੍ਰਸਤੁਤੀ ਕਰਨਗੇ।

ਗੁਰਮਤਿ ਸੰਗੀਤ ਉਤਸਵ ਦੌਰਾਨ ਹੋਣ ਵਾਲੀ ਗੁਰਮਤਿ ਸੰਗੀਤ ਪ੍ਰਤੀਯੋਗਤਾ ਵਿਚ 12 ਅਕਤੂਬਰ ਨੂੰ ਗੁਰਮਤਿ ਸੰਗੀਤ ਸਮੂਹ ਸ਼ਬਦ ਗਾਇਨ, 13 ਅਕਤੂਬਰ ਨੂੰ ਗੁਰਮਤਿ ਸੰਗੀਤ ਤੰਤੀ ਸਾਜ਼ ਵਾਦਨ ਅਤੇ ਤਾਲ ਸਾਜ਼ ਵਾਦਨ ਅਤੇ 14 ਅਕਤੂਬਰ ਨੂੰ ਗੁਰਮਤਿ ਸੰਗੀਤ ਵਿਅਕਤੀਗਤ ਸ਼ਬਦ ਗਾਇਨ ਦੇ ਸੀਨੀਅਰ ਤੇ ਜੂਨੀਅਰ ਕੈਟਾਗਰੀ ਵਿਚ ਮੁਕਾਬਲੇ ਹੋਣਗੇ, ਜਿਸ ਦੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮਾਂ, ਤਗਮਿਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਏਗਾ।

ਮਿਤੀ 13-14 ਅਕਤੂਬਰ, 2011 ਨੂੰ ਸ਼ਾਮ 6.00 ਵਜੇ ਤੋਂ 9.30 ਵਜੇ ਰਾਤ ਤੱਕ ਬੇਬੇ ਨਾਨਕੀ ਸੰਗੀਤ ਪਾਰਕ, ਪੰਜਾਬੀ ਯੂਨੀਵਰਸਿਟੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਸੰਗੀਤ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵਿਸ਼ਵ ਪ੍ਰਸਿੱਧ ਕੀਰਤਨੀਏ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਗੇ। ਇਸ ਸਮਾਗਮ ਵਿਚ ਭਾਈ ਨਿਰਮਲ ਸਿੰਘ ਖਾਲਸਾ, ਭਾਈ ਬਲਬੀਰ ਸਿੰਘ, ਡਾ: ਜਾਗੀਰ ਸਿੰਘ, ਭਾਈ ਅਮਰੀਕ ਸਿੰਘ ਜ਼ਖਮੀ, ਭਾਈ ਰਵਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਕੁਲਤਾਰ ਸਿੰਘ, ਬੀਬੀ ਜਸਵਿੰਦਰ ਕੌਰ, ਬੀਬੀ ਪ੍ਰਭਜੋਤ ਕੌਰ, ਡਾ: ਕੰਵਲਜੀਤ ਸਿੰਘ, ਅਮਨਦੀਪ ਸਿੰਘ, ਭਾਈ ਜਸਪਾਲ ਸਿੰਘ ਅਤੇ ਗੁਰਮਤਿ ਸੰਗੀਤ ਪ੍ਰਤਿਯੋਗਤਾ-2011 ਦੇ ਜੇਤੂ ਵਿਦਿਆਰਥੀ ਆਪਣੀਆਂ ਪੇਸ਼ਕਾਰੀਆਂ ਦੇਣਗੇ।

15 ਅਕਤੂਬਰ, 2011 ਨੂੰ ਗੁਰਮਤਿ ਸੰਗੀਤ : ਅਕਾਦਮਿਕ ਪਰਿਪੇਖ ਵਿਸ਼ੇ 'ਤੇ ਗੁਰਮਤਿ ਸੰਗੀਤ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਡਾ: ਐਸ. ਪੀ. ਸਿੰਘ, ਸਾਬਕਾ ਉਪ-ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨਗੀ ਉਪ-ਕੁਲਪਤੀ ਡਾ: ਜਸਪਾਲ ਸਿੰਘ ਕਰਨਗੇ। ਇਸ ਸੈਮੀਨਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਉਪ-ਕੁਲਪਤੀ ਡਾ: ਗੁਰਨੇਕ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਰਹੇ ਹਨ। ਗੁਰਮਤਿ ਸੰਗੀਤ ਵਿਭਾਗ ਦੇ ਸਾਬਕਾ ਮੁਖੀ ਡਾ: ਜਾਗੀਰ ਸਿੰਘ ਇਸ ਸੈਮੀਨਾਰ ਦੇ ਪ੍ਰਮੁੱਖ ਵਕਤਾ ਹੋਣਗੇ ਅਤੇ ਵੱਖ-ਵੱਖ ਯੂਨੀਵਰਸਿਟੀਆਂ ਤੋਂ ਵਿਦਵਾਨ ਗੁਰਮਤਿ ਸੰਗੀਤ ਦੀ ਅਕਾਦਮਿਕ ਸਥਾਪਤੀ ਨੂੰ ਵਿਭਿੰਨ ਪਰਿਪੇਖਾਂ ਤੋਂ ਅਧਿਐਨ ਦਾ ਵਿਸ਼ਾ ਬਣਾਉਣਗੇ।

ਡਾ: ਗੁਰਨਾਮ ਸਿੰਘ
-ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।